ਹੁਸ਼ਿਆਰਪੁਰ (ਤਰਸੇਮ ਦੀਵਾਨਾ ) –
ਸਟੇਟ ਹਰਿਆਣਾ ਦੇ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਨੂੰ ਭਾਰਤੀ ਲੋਕਤੰਤਰ ਲਈ ਇੱਕ ਮੰਦਭਾਗੀ ਘਟਨਾ ਦੱਸਦੇ ਹੋਏ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ ਦੇ ਗੱਦੀ ਨਸ਼ੀਨ ਅਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਇਟੀ ( ਰਜਿ.) ਪੰਜਾਬ ਦੇ ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਨੇ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਦੇ ਅਧੀਨ, ਦਲਿਤਾਂ ਨੂੰ ਸਨਮਾਨ ਨਾਲ ਜਿਉਣ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਹਰਿਆਣਾ ਪੁਲਿਸ ਦੇ ਸਵਰਗੀ ਏ.ਡੀ.ਜੀ.ਪੀ. ਵਾਈ. ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ. ਕੁਮਾਰ (ਆਈਏਐਸ) ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਨੇ ਸੰਵਿਧਾਨ ਰਾਹੀਂ ਦਲਿਤ ਭਾਈਚਾਰੇ ਨੂੰ ਸਿੱਖਿਆ ਅਤੇ ਸਨਮਾਨਜਨਕ ਜੀਵਨ ਦਾ ਜਿਉਣ ਦਾ ਅਧਿਕਾਰ ਦਿੱਤਾ ਹੈ , ਪਰ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਨੇ ਉਨ੍ਹਾਂ ਤੋਂ ਇਹ ਅਧਿਕਾਰ ਖੋਹ ਲਿਆ ਹੈ। ਉਹਨਾਂ ਕਿਹਾ ਕੀ ਆਜ਼ਾਦੀ ਤੋਂ ਬਾਅਦ ਬਣੇ ਨਵੇਂ ਭਾਰਤ ਵਿੱਚ 75 ਸਾਲਾਂ ਬਾਅਦ ਵੀ ਦਲਿਤਾਂ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਜਲੀਲ ਕੀਤਾ
ਜਾਂਦਾ ਹੈ।ਉਹਨਾਂ ਕਿਹਾ ਕਿ ਨਤੀਜਾ ਇਹ ਹੈ ਕਿ ਵਾਈ. ਪੂਰਨ ਕੁਮਾਰ ਵਰਗੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਖੁਦਕੁਸ਼ੀ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਪਤਨੀ ਖੁਦ ਇੱਕ ਆਈ.ਏ.ਐਸ. ਅਧਿਕਾਰੀ ਹੈ, ਪਰ ਫਿਰ ਵੀ ਉਹ ਇਨਸਾਫ਼ ਲਈ ਸੰਘਰਸ਼ ਕਰਨ ਲਈ ਮਜਬੂਰ ਹੈ। ਜਦੋਂ ਇੰਨੇ ਉੱਚ ਅਹੁਦਿਆਂ ‘ਤੇ ਬੈਠੇ ਦਲਿਤ ਭਾਈਚਾਰੇ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ, ਤਾਂ ਇਹ ਕਲਪਨਾ ਕਰਨਾ ਆਸਾਨ ਹੈ ਕਿ ਆਮ ਦਲਿਤਾਂ ਲਈ ਜ਼ਿੰਦਗੀ ਕਿੰਨੀ ਮੁਸ਼ਕਲ ਹੋਵੇਗੀ।ਉਹਨਾਂ ਡੀ.ਜੀ.ਪੀ. ਸ਼ਤਰੂਘਨ ਕਪੂਰ ਅਤੇ ਐਸ.ਪੀ. ਨਰਿੰਦਰ ਬਿਜਾਰਿਨਿਆ ਨੂੰ ਸਵਰਗੀ ਏਡੀਜੀਪੀ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਨੌਕਰੀ ਤੋ ਤੁਰੰਤ ਡਿਸਮਿਸ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਪੂਰਾ ਦਲਿਤ ਭਾਈਚਾਰਾ ਵਾਈ. ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ. ਕੁਮਾਰ ਲਈ ਇਨਸਾਫ਼ ਦੀ ਲੜਾਈ ‘ਚ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ।
ਉਹਨਾਂ ਆਰ.ਐਸ.ਐਸ. ਵਿਚਾਰਧਾਰਾ ਦੀ ਵੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਆਰ.ਐਸ.ਐਸ. ਦੇ ਪ੍ਰਚਾਰਕ ਨਰਿੰਦਰ ਮੋਦੀ ਦੇ ਰਾਜ ਵਿੱਚ ਦੇਸ਼ ਭਰ ‘ਚ ਮਨੂਵਾਦੀ ਸੋਚ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਅਤੇ ਦਲਿਤਾਂ ਵਿਰੁੱਧ ਬੇਇਨਸਾਫ਼ੀ, ਜ਼ੁਲਮ ਅਤੇ ਹਿੰਸਾ ਦਾ ਇੱਕ ਭਿਆਨਕ ਦੌਰ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਹਰੀਓਮ ਵਾਲਮੀਕਿ ਦੇ ਕਤਲ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ.ਆਰ. ਗਵਈ ’ਤੇ ਜੁੱਤੀ ਸੁੱਟਣ ਅਤੇ ਡਾਕਟਰ ਪੰਪੋਸ ਨੂੰ ਮਰਨ ਲਈ ਮਜਬੂਰ ਕਰਨ ਵਰਗੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਦਾ ਰਾਜ ਦਲਿਤਾਂ ਲਈ ਇੱਕ ਸਰਾਪ ਬਣ ਗਿਆ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਮਾਨਸਿਕਤਾ ਦਲਿਤਾਂ ਨੂੰ ਗੁਲਾਮੀ ਵਿੱਚ ਵਾਪਸ ਲਿਆਉਣਾ ਚਾਹੁੰਦੀ ਹੈ। ਇਸੇ ਲਈ ਸੰਵਿਧਾਨ ਨੂੰ ਬਦਲਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਪਰ ਭਾਜਪਾ-ਆਰ.ਐਸ.ਐਸ. ਦੀ ਇਹ ਸਾਜਿਸ਼ ਸਫਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਦੇਸ਼ ਭਰ ਦੇ ਦਲਿਤ ਭਾਈਚਾਰੇ ਨੂੰ ਇੱਕਜੁੱਟ ਹੋ ਕੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਦੀ ਤਿਆਰ ਰਹਿਣਾ ਚਾਹੀਦਾ ਹੈ।
Leave a Reply